ਪੰਜਾਬੀ ਵਿਭਾਗ ਇਟਰਨਲ ਯੂਨੀਵਰਸਿਟੀ ਦੇ ਭਾਈ ਵੀਰ ਸਿੰਘ ਸਾਹਿਤ ਕਲੱਬ ਵੱਲੋਂ ਮਿਤੀ 21 ਫਰਵਰੀ ਸ਼ਾਮ ਚਾਰ ਵਜੇ ਯੂਨੀਵਰਸਿਟੀ ਆਡੀਟੋਰੀਅਮ ਵਿਖੇ ਵਿਸ਼ਵ ਮਾਤ-ਭਾਸ਼ਾ ਦਿਵਸ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡੀਨ. ਅਕਾਦਮਿਕ ਮਾਮਲੇ ਡਾ. ਬਲਦੇਵ ਸਿੰਘ ਬੋਪਾਰਾਏ ਹੋਰਾਂ ਨੇ ਨਿਭਾਈ। ਇਸ ਵਿਚ ਹਿਊਮੈਨਟੀਜ਼, ਸੰਗੀਤ, ਸਾਈਕਾਲੋਜੀ, ਇਕਨਾਮਕਿਸ, ਐਜੂਕੇਸ਼ਨ ਅਤੇ ਕਈ ਹੋਰ ਵਿਭਾਗਾਂ ਦੇ ਵਿਦਿਆਰਥੀਆਂ ਨੇ ਆਪੋ-ਆਪਣੀ ਕਲਾ ਦੇ ਮਾਧਿਅਮ ਰਾਹੀਂ ਮਾਤ-ਭਾਸ਼ਾ ਸਬੰਧੀ ਆਪਣੇ ਵਿਚਾਰਾਂ ਦੀ ਪੁਸ਼ਟੀ ਕੀਤੀ। ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਗੁਰਬਾਣੀ ਵਿਚਲੇ ਸ਼ਬਦ “ਪੂਤਾ ਮਾਤਾ ਕੀ ਆਸੀਸੁ..” ਦੀ ਮਨਮੋਹਕ ਧੁਨ ਨਾਲ ਇਸ ਸਮਾਗਮ ਦੀ ਸ਼ੁਰੂਆਤ ਕੀਤੀ।ਇਸ ਉਪਰੰਤ ਪੰਜ ਵਿਦਿਆਰਥਣਾਂ ਨੇ ਭਾਸ਼ਣ, ਦਸ ਵਿਦਿਆਰਥਣਾਂ ਨੇ ਕਵਿਤਾ ਅਤੇ ਤਿੰਨ ਵਿਦਿਆਰਥਣਾਂ ਨੇ ਗੀਤ ਦੀਆਂ ਪੇਸ਼ਕਾਰੀਆਂ ਦਿੱਤੀਆਂ। ਪ੍ਰਭਦੀਪ ਕੌਰ ਬੀ.ਏ. ਹਿਊਮੈਨਟੀਜ਼ ਭਾਗ ਤੀਜਾ ਦੀ ਵਿਦਿਆਰਥਣ ਨੇ ਪੰਜਾਬੀ ਦੇ ਸਾਹਿਤ ਅਕਾਦਮੀ ਐਵਾਰਡੀ ਕਵੀ ਡਾ. ਸੁਰਜੀਤ ਪਾਤਰ ਦੀ ਭਾਸ਼ਾ ਸਬੰਧੀ ਇਕ ਲੰਮੀ ਨਜ਼ਮ ‘ਤੇ ਆਧਾਰਿਤ ਇਕ ਪਾਤਰੀ ਕਾਵਿ-ਲਘੂ ਨਾਟਕ ਦੀ ਪੇਸ਼ਕਾਰੀ ਦਿੱਤੀ। ਬੀ.ਐੱਡ. ਦੀਆਂ ਵਿਦਿਆਰਥਣਾਂ ਨੇ ਪੰਜਾਬੀ ਭਾਸ਼ਾ ਦੀ ਸਕੂਲਾਂ ਅਤੇ ਘਰਾਂ ਵਿਚਲੀ ਸਥਿਤੀ ‘ਤੇ ਆਧਾਰਿਤ ਨਾਟਕ ‘ਮਾਂ ਬੋਲੀ ਪੰਜਾਬੀ’ ਖੇਡਿਆ। ਦੋਨਾਂ ਨਾਟਕਾਂ ਦੇ ਪਾਤਰਾਂ ਨੇ ਜਿੱਥੇ ਹਾਲ ਵਿਚ ਦਰਸ਼ਕਾਂ ਨੂੰ ਹਸਾਇਆ ਉਥੇ ਨਾਲ ਜੀ ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਅਤੇ ਚਿੰਤਾਵਾਂ ਸਬੰਧੀ ਹਲੂਣਾ ਵੀ ਦਿੱਤਾ। ਭਾਵੇਂ ਕਿ ਸਮਾਗਮ ਵਿਚਲੀਆਂ ਜ਼ਿਆਦਾਤਰ ਪੇਸ਼ਕਾਰੀਆਂ ਦਾ ਸਬੰਧ ਪੰਜਾਬੀ ਭਾਸ਼ਾ ਦੇ ਸਬੰਧ ਵਿਚ ਸੀ, ਪਰ ਸਮੇਂ-ਸਮੇਂ ‘ਤੇ ਸਟੇਜ ਸਕੱਤਰ ਵੱਲੋਂ ਸਮੁੱਚੇ ਵਿਸ਼ਵ ਅਤੇ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਦੇ ਸਬੰਧ ਵਿਚ ਵੀ ਕਈ ਨੁਕਤੇ ਸਾਂਝੇ ਕੀਤੇ ਗਏ। ਇਕ ਗੱਲ ਜੋ ਸਾਰੇ ਸਮਾਗਮ ਵਿਚੋਂ ਉੱਭਰ ਕੇ ਆਈ ਉਹ ਇਹ ਕਿ ਵਿਸ਼ਵ ਦੀ ਕਿਸੇ ਵੀ ਭਾਸ਼ਾ ਦਾ ਭਵਿੱਖ ਚਾਰ ਫੇਜ਼ਾਂ (ਸਤਿਕਾਰ, ਪਰਿਵਾਰ, ਸਰਕਾਰ ਅਤੇ ਰੁਜ਼ਗਾਰ) ਦੇ ਅੰਤਰਗਤ ਹੀ ਸੁਨਿਹਰਾ ਹੋ ਸਕੇਗਾ। ਇਸ ਸਮਾਗਮ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਪ੍ਰੋਫੈਸਰ ਸਾਹਿਬਾਨ ਸਮੇਤ ਕਈ ਵਿਭਾਗਾਂ ਦੇ ਡੀਨ ਸਾਹਿਬਾਨਾਂ ਨੇ ਵੀ ਸ਼ਿਰਕਤ ਕੀਤੀ। ਸਮਾਗਮ ਦੀ ਸਮੁੱਚੀ ਰੂਪ-ਰੇਖਾ ਅਤੇ ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਸ: ਸਿਮਰਨਜੀਤ ਸਿੰਘ ਮੁਖੀ, ਪੰਜਾਬੀ ਵਿਭਾਗ ਵੱਲੋਂ ਨਿਭਾਈ ਗਈ। ਅੰਤ ‘ਤੇ ਡਾ. ਬਲਦੇਵ ਸਿੰਘ ਬੋਪਾਰਾਏ, ਡਾ. ਪੂਰਵੀ ਅਤੇ ਡਾ. ਜਸਵੰਤ ਸਿੰਘ ਹੋਰਾਂ ਨੇ ਮਾਤ-ਭਾਸ਼ਾ ਦੇ ਸਬੰਧ ਵਿਚ ਜਿੱਥੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਉਥੇ ਉਹਨਾਂ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਪੰਜਾਬੀ ਵਿਭਾਗ ਨੂੰ ਇਸ ਕਾਰਜ ਲਈ ਮੁਬਾਰਕਬਾਦ ਵੀ ਦਿੱਤੀ।